ਨੋਟਸ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਅਕਾਦਮਿਕ ਇਮਾਨਦਾਰੀ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ, ਅਤੇ ਉਹ ਵਿਦਿਆਰਥੀਆਂ ਨੂੰ ਅਪਰਾਧੀਆਂ ਦੇ ਸੰਪਰਕ ਵਿੱਚ ਲਿਆਉਂਦੀਆਂ ਹਨ। ਖੋਜ1 ਦਿਖਾਉਂਦੀ ਹੈ ਕਿ ਇਹਨਾਂ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੇ ਸੰਚਾਲਕ ਵਿਦਿਆਰਥੀ ਦੀ ਯੂਨੀਵਰਸਿਟੀ ਜਾਂ ਭਵਿੱਖ ਦੇ ਰੁਜ਼ਗਾਰਦਾਤਾ ਨੂੰ ਵਿਦਿਆਰਥੀ ਦੀ ਧੋਖਾਧੜੀ ਬਾਰੇ ਸੂਚਿਤ ਕਰਨ ਦੀ ਧਮਕੀ ਦੇਣਗੇ ਜਦੋਂ ਤੱਕ ਵਿਦਿਆਰਥੀ ਉਹਨਾਂ ਨੂੰ ਵੱਡੀ ਰਕਮ ਦਾ ਭੁਗਤਾਨ ਨਹੀਂ ਕਰਦਾ।
ਆਸਟ੍ਰੇਲੀਆ ਨੇ ਵਪਾਰਕ ਧੋਖਾਧੜੀ ਸੇਵਾਵਾਂ ਅਤੇ ਵਿਦਿਆਰਥੀਆਂ ਨੂੰ ਇਹਨਾਂ ਸੇਵਾਵਾਂ ਦਾ ਪ੍ਰਚਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਵਪਾਰਕ ਧੋਖਾਧੜੀ ਸੇਵਾਵਾਂ ਦੇ ਵਿਰੁੱਧ ਕਾਨੂੰਨਾਂ ਵਿੱਚ ਸੰਚਾਲਕਾਂ ਲਈ $100,000 ਤੱਕ ਦੇ ਜੁਰਮਾਨੇ ਵਰਗੀਆਂ ਅਪਰਾਧਿਕ ਸਜ਼ਾਵਾਂ ਸ਼ਾਮਲ ਹਨ। ਜਿਹੜੇ ਲੋਕ ਧੋਖਾਧੜੀ ਦੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਦੇ ਹਨ ਉਹਨਾਂ ਨੂੰ ਵੀ ਸਿਵਲ ਮੁਕੱਦਮੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਕਾਨੂੰਨ ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਨੂੰ ਧੋਖਾਧੜੀ ਵਿੱਚ ਸ਼ਾਮਲ ਹੋਣ ਲਈ ਸਜ਼ਾ ਨਹੀਂ ਦਿੰਦੇ ਹਨ ਪਰ ਸੰਸਥਾਗਤ ਅਨੁਸ਼ਾਸਨ ਨੀਤੀਆਂ ਲਾਗੂ ਹੁੰਦੀਆਂ ਰਹਿਣਗੀਆਂ।
TEQSA ਨੇ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੀ ਪਛਾਣ ਕਰਨ, ਉਹਨਾਂ ਤੋਂ ਬਚਣ ਅਤੇ ਉਹਨਾਂ ਦੀ ਰਿਪੋਰਟ ਕਰਨ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਹੇਠਾਂ ਦਿੱਤੀ ਜਾਣਕਾਰੀ ਵਿਕਸਿਤ ਕੀਤੀ ਹੈ। ਇਹ ਜਾਣਕਾਰੀ ਤੁਹਾਡੀ ਸੰਸਥਾ ਤੋਂ ਤੁਹਾਨੂੰ ਪ੍ਰਾਪਤ ਹੋਣ ਵਾਲੀ ਕਿਸੇ ਵੀ ਸਲਾਹ ਨੂੰ ਪੂਰਕ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ।
ਕਿਸੇ ਗੈਰ-ਕਾਨੂੰਨੀ ਧੋਖਾਧੜੀ ਸੇਵਾ ਨੂੰ ਪਛਾਣਨਾ
ਗੈਰ-ਕਾਨੂੰਨੀ ਵਪਾਰਕ ਧੋਖਾਧੜੀ ਸੇਵਾਵਾਂ ਵਿੱਚ ਵੈੱਬਸਾਈਟਾਂ ਅਤੇ ਵਿਅਕਤੀ ਜਾਂ ਸਮੂਹ ਸ਼ਾਮਲ ਹੋ ਸਕਦੇ ਹਨ ਜੋ ਵਿਦਿਆਰਥੀਆਂ ਨੂੰ ਧੋਖਾਧੜੀ ਸੇਵਾਵਾਂ ਦਾ ਪ੍ਰਚਾਰ ਕਰਦੇ ਹਨ ਜਾਂ ਧੋਖਾਧੜੀ ਸੇਵਾਵਾਂ ਪ੍ਰਦਾਨ ਕਰਦੇ ਹਨ।
ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ - ਜਿਨ੍ਹਾਂ ਨੂੰ ਕਈ ਵਾਰ ਇਕਰਾਰਨਾਮਾ ਧੋਖਾਧੜੀ ਸੇਵਾਵਾਂ ਵੀ ਕਿਹਾ ਜਾਂਦਾ ਹੈ - ਵਿਦਿਆਰਥੀਆਂ ਦੇ ਲੇਖ ਜਾਂ ਅਸਾਈਨਮੈਂਟ ਵੇਚਦੀਆਂ ਹਨ, ਜਾਂ ਕਿਸੇ ਵਿਦਿਆਰਥੀ ਦੀ ਤਰਫੋਂ ਇਮਤਿਹਾਨਾਂ ਵਿੱਚ ਬੈਠਣ ਲਈ ਭੁਗਤਾਨ ਸਵੀਕਾਰ ਕਰਦੀਆਂ ਹਨ।
ਅਕਸਰ, ਇਹ ਸੇਵਾਵਾਂ ਆਪਣੇ-ਆਪ ਨੂੰ 'ਪੜ੍ਹਾਈ ਵਿੱਚ ਸਹਾਇਤਾ' (ਸਟੱਡੀ ਸਪੋਰਟ) ਦੀ ਪੇਸ਼ਕਸ਼ ਕਰਨ ਵਾਲੀਆਂ ਸੇਵਾਵਾਂ ਵਜੋਂ ਪ੍ਰਚਾਰ ਕਰਦੀਆਂ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਗੈਰ-ਕਾਨੂੰਨੀ ਸੰਚਾਲਕ ਵਿਦਿਆਰਥੀਆਂ ਨੂੰ ਇਸ਼ਤਿਹਾਰ ਦਿੱਤੀ 'ਸਹਾਇਤਾ' ਤੱਕ ਪਹੁੰਚ ਕਰਨ ਲਈ ਉਹਨਾਂ ਦੇ ਪਿਛਲੇ ਕੰਮ ਜਾਂ ਕੋਰਸ ਦੀ ਸਮੱਗਰੀ ਨੂੰ ਅੱਪਲੋਡ ਕਰਨ ਲਈ ਕਹਿਣਗੇ।
ਇਹਨਾਂ ਵਿੱਚੋਂ ਕੁੱਝ ਗੈਰ-ਕਾਨੂੰਨੀ ਸੇਵਾਵਾਂ ਸੋਸ਼ਲ ਮੀਡੀਆ, ਈਮੇਲ ਅਤੇ ਕੈਂਪਸ ਵਿੱਚ ਜ਼ੋਰਦਾਰ ਢੰਗ ਨਾਲ ਵਿੱਚ ਪ੍ਰਚਾਰ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਲੱਭ ਸਕਦੇ ਹਨ। ਉਦਾਹਰਨ ਲਈ, ਕੋਈ ਵਿਦਿਆਰਥੀ ਸੋਸ਼ਲ ਮੀਡੀਆ 'ਤੇ ਉਸ ਲੇਖ ਬਾਰੇ ਪੋਸਟ ਕਰ ਸਕਦਾ ਹੈ ਜੋ ਉਹ ਲਿਖ ਰਿਹਾ ਹੈ ਅਤੇ ਫਿਰ ਉਸ ਨੂੰ ਗੈਰ-ਕਾਨੂੰਨੀ ਵਪਾਰਕ ਧੋਖਾਧੜੀ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੇ ਕਈ 'ਬੋਟ' ਸੁਨੇਹੇ ਪ੍ਰਾਪਤ ਹੁੰਦੇ ਹਨ।
ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਤੋਂ ਬਚਣਾ
ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੀ ਪਛਾਣ ਕਰਨਾ ਕਈ ਵਾਰ ਮੁਸ਼ਕਲ ਹੋ ਸਕਦਾ ਹੈ ਪਰ ਤੁਹਾਨੂੰ ਹਮੇਸ਼ਾ ਕਿਸੇ ਵੀ ਅਜਿਹੀ ਸੇਵਾ ਤੋਂ ਬਚਣਾ ਚਾਹੀਦਾ ਹੈ ਜੋ:
- ਤੁਹਾਡੇ ਲੇਖ ਜਾਂ ਅਸਾਈਨਮੈਂਟ ਨੂੰ ਲਿਖਣ ਜਾਂ ਸੁਧਾਰਨ ਵਿੱਚ ਮਦਦ ਕਰਨ ਜਾਂ ਪੈਸੇ ਦੇ ਬਦਲੇ ਤੁਹਾਡੀ ਤਰਫੋਂ ਪ੍ਰੀਖਿਆ ਵਿੱਚ ਬੈਠਣ ਦਾ ਵਾਅਦਾ ਕਰੇ
- ਸੋਸ਼ਲ ਮੀਡੀਆ, ਈਮੇਲ ਜਾਂ ਆਨ-ਕੈਂਪਸ ਇਸ਼ਤਿਹਾਰਬਾਜ਼ੀ ਰਾਹੀਂ ਨਾ ਮੰਗੀ ਗਈ 'ਪੜ੍ਹਾਈ ਵਿੱਚ ਸਹਾਇਤਾ' ਦੀ ਪੇਸ਼ਕਸ਼ ਕਰੇ
- ਮਦਦ ਪ੍ਰਾਪਤ ਕਰਨ ਲਈ, ਤੁਹਾਨੂੰ ਤੁਹਾਡੇ ਕੰਮ ਦੀ ਪਿਛਲੀ ਮਿਸਾਲ, ਜਾਂ ਤੁਹਾਡੇ ਕੋਰਸ ਤੋਂ ਸਮੱਗਰੀ ਅੱਪਲੋਡ ਕਰਨ ਲਈ ਕਹੇ
- ਤੁਹਾਨੂੰ ਅਧਿਐਨ ਨੋਟਸ, ਪ੍ਰੀਖਿਆਵਾਂ ਜਾਂ ਹੋਰ ਮੁਲਾਂਕਣ ਸਮੱਗਰੀ ਵੇਚਣ ਦੀ ਪੇਸ਼ਕਸ਼ ਕਰੇ।
ਪੜ੍ਹਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਟਿਊਟਰ ਜਾਂ ਕੋਰਸ ਕੋਆਰਡੀਨੇਟਰ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਪੜ੍ਹਾਈ ਵਿੱਚ ਸਹਾਇਤਾ ਵਿਕਲਪਾਂ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਤੁਹਾਡੀ ਅਕਾਦਮਿਕ ਇਮਾਨਦਾਰੀ ਦੀ ਸੁਰੱਖਿਆ ਵੀ ਕਰ ਸਕਦੇ ਹਨ।
ਸੁਝਾਅ: ਸੋਸ਼ਲ ਮੀਡੀਆ ਜਾਂ ਈਮੇਲ ਦੁਆਰਾ ਪੜ੍ਹਾਈ ਵਿੱਚ ਸਹਾਇਤਾ, ਲੇਖ ਲਿਖਣ ਜਾਂ ਹੋਰ ਇਕਰਾਰਨਾਮਾ ਧੋਖਾਧੜੀ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੇ ਅਣਚਾਹੇ ਸੁਨੇਹਿਆਂ ਨੂੰ ਬਲੌਕ ਕਰਨਾ ਤੁਹਾਨੂੰ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਤੋਂ ਬਚਣ ਅਤੇ ਤੁਹਾਡੀ ਅਕਾਦਮਿਕ ਇਮਾਨਦਾਰੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰ ਸਕਦਾ ਹੈ। ਤੁਹਾਡੇ ਦੁਆਰਾ ਸੋਸ਼ਲ ਮੀਡੀਆ ਨੈੱਟਵਰਕਾਂ 'ਤੇ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਤੋਂ ਸੁਚੇਤ ਰਹੋ ਅਤੇ ਆਪਣੀਆਂ ਪ੍ਰਾਈਵੇਸੀ ਸੈਟਿੰਗਾਂ 'ਤੇ ਵਿਚਾਰ ਕਰੋ। ਇਹ ਤੁਹਾਨੂੰ ਗੈਰ-ਕਾਨੂੰਨੀ ਧੋਖਾਧੜੀ ਸੇਵਾ ਸੰਚਾਲਕਾਂ ਦੁਆਰਾ ਨਿਸ਼ਾਨਾ ਬਣਾਏ ਜਾਣ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ। |
ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੀ ਰਿਪੋਰਟ ਕਰਨਾ
TEQSA ਅਤੇ ਆਸਟ੍ਰੇਲੀਆ ਦੇ ਉੱਚ ਸਿੱਖਿਆ ਪ੍ਰਦਾਤਾ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਬਾਰੇ ਖੁਫ਼ੀਆਂ ਜਾਣਕਾਰੀ ਸਾਂਝੀ ਕਰਨ ਲਈ ਮਿਲ ਕੇ ਕੰਮ ਕਰਦੇ ਹਨ। ਇਹ ਗੈਰ-ਕਾਨੂੰਨੀ ਸੇਵਾਵਾਂ ਦੇ ਵਿਰੁੱਧ ਉਹਨਾਂ ਦੇ ਨੈੱਟਵਰਕਾਂ ਨੂੰ ਸੁਰੱਖਿਅਤ ਕਰਕੇ ਵਿਦਿਆਰਥੀਆਂ ਦੇ ਹਿੱਤਾਂ ਅਤੇ ਅਕਾਦਮਿਕ ਇਮਾਨਦਾਰੀ ਦੀ ਸੁਰੱਖਿਆ ਕਰਨ ਲਈ ਸੰਸਥਾਵਾਂ ਦਾ ਸਮਰਥਨ ਕਰਦਾ ਹੈ।
ਕਿਸੇ ਸ਼ੱਕੀ ਵਪਾਰਕ ਧੋਖਾਧੜੀ ਸੇਵਾ ਦੀ ਰਿਪੋਰਟ ਕਿੱਥੇ ਕਰਨੀ ਹੈ
ਆਪਣੇ ਪ੍ਰਦਾਤਾ ਨੂੰ
ਜੇਕਰ ਤੁਹਾਨੂੰ ਆਪਣੀ ਸੰਸਥਾ ਦੇ ਈਮੇਲ ਖਾਤੇ ਰਾਹੀਂ ਸ਼ੱਕੀ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਵਾਲੀ ਈਮੇਲ ਸਮੱਗਰੀ ਮਿਲਦੀ ਹੈ, ਜਾਂ ਤੁਸੀਂ ਆਪਣੀ ਸੰਸਥਾ ਦੇ ਨੈੱਟਵਰਕ 'ਤੇ ਕੋਈ ਸ਼ੱਕੀ ਧੋਖਾਧੜੀ ਵਾਲੀ ਵੈੱਬਸਾਈਟ ਦੇਖਦੇ ਹੋ, ਤਾਂ ਆਪਣੇ ਸਕੂਲ ਜਾਂ ਯੂਨੀਵਰਸਿਟੀ ਨੂੰ ਇਸਦੀ ਰਿਪੋਰਟ ਕਰੋ। ਜੇਕਰ ਤੁਸੀਂ ਆਪਣੇ ਕੈਂਪਸ 'ਤੇ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦਾ ਪ੍ਰਚਾਰ ਕਰਦੇ ਪੋਸਟਰ, ਨੋਟਿਸ ਜਾਂ ਬਿਜ਼ਨਸ ਕਾਰਡ ਦੇਖਦੇ ਹੋ ਤਾਂ ਵੀ ਤੁਹਾਨੂੰ ਉਨ੍ਹਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ।
TEQSA ਨੂੰ
ਜੇਕਰ ਤੁਹਾਨੂੰ ਕੋਈ ਸ਼ੱਕੀ ਗੈਰ-ਕਾਨੂੰਨੀ ਧੋਖਾਧੜੀ ਸੇਵਾ ਮਿਲਦੀ ਹੈ, ਤਾਂ ਤੁਸੀਂ ਸਾਡਾ ਔਨਲਾਈਨ ਫਾਰਮ ਭਰ ਕੇ ਇਸਦੀ ਰਿਪੋਰਟ ਕਰ ਸਕਦੇ ਹੋ।
ਨੋਟ
- ਯਾਰਕ, ਜੇ. (Yorke, J.), ਸੇਫਿਕ, ਐਲ. (Sefcik, L.), ਅਤੇ ਵੀਰਨ-ਕੋਲਟਨ, ਟੀ. (Veeran-Colton, T.) (2020)। ਇਕਰਾਰਨਾਮਾ ਧੋਖਾਧੜੀ ਅਤੇ ਬਲੈਕਮੇਲ: ਇੱਕ ਜੋਖਮ ਭਰਿਆ ਕਾਰੋਬਾਰ? ਉੱਚ ਸਿੱਖਿਆ ਵਿੱਚ ਪੜ੍ਹਾਈ।